ਸੀਤਾ ਰਾਮ ਕੋਹਲੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੀਤਾ ਰਾਮ ਕੋਹਲੀ (1889-1962) : ਪੰਜਾਬ ਦਾ ਪਹਿਲਾ ਇਤਿਹਾਸਕਾਰ ਜਿਸ ਨੇ ਪੰਜਾਬ ਨਾਲ ਸੰਬੰਧਿਤ ਇਤਿਹਾਸਿਕ ਦਸਤਾਵੇਜ਼ਾਂ ਬਾਰੇ ਖੋਜ ਅਰੰਭ ਕੀਤੀ ਸੀ। ਇਸ ਦਾ ਜਨਮ 28 ਫਰਵਰੀ 1889 ਨੂੰ ਅਜੋਕੇ ਪਾਕਿਸਤਾਨ ਦੇ ਪੁਰਾਤਨ ਕਸਬੇ ਭੇਰਾ ਵਿਚ ਹੋਇਆ ਸੀ। ਇਸ ਨੇ ਸਥਾਨਿਕ ਸਰਕਾਰੀ ਹਾਈ ਸਕੂਲ ਤੋਂ ਦਸਵੀਂ ਦਾ ਇਮਤਿਹਾਨ ਪਾਸ ਕੀਤਾ ਅਤੇ ਇਤਿਹਾਸ ਦੀ ਐਮ.ਏ. ਕਰਨ ਲਈ ਗੌਰਮਿੰਟ ਕਾਲਜ, ਲਾਹੌਰ ਵਿਚ ਦਾਖਲਾ ਲੈ ਲਿਆ।

        1913 ਵਿਚ, ਯੂਨੀਵਰਸਿਟੀ ਆਫ਼ ਪੰਜਾਬ ਨੇ ਇਕ ਪ੍ਰਸਿੱਧ ਬ੍ਰਿਟਿਸ਼ ਇਤਿਹਾਸਕਾਰ ਰੈਮਸੇ ਮੁਇਰ ਨੂੰ ਇੰਗਲੈਂਡ ਤੋਂ ਵਿਜ਼ਿਟਿੰਗ ਪ੍ਰੋਫ਼ੈਸਰ ਦੇ ਤੌਰ ਤੇ ਬੁਲਾਇਆ। ਪ੍ਰੋਫੈਸਰ ਮੁਇਰ ਅਕਤੂਬਰ 1913 ਤੋਂ ਮਾਰਚ 1914 ਤਕ ਲਾਹੌਰ ਠਹਿਰਿਆ ਸੀ। ਇਸ ਦੇ ਭਾਸ਼ਣਾਂ, ਬਹਿਸਾਂ ਅਤੇ ਸੰਬੋਧਨਾਂ ਨੇ ਪੰਜਾਬ ਦੇ ਇਤਿਹਾਸ ਦੇ ਅਧਿਐਨ ਅਤੇ ਖੋਜ ਵਿਚ ਬਹੁਤ ਦਿਲਚਸਪੀ ਪੈਦਾ ਕੀਤੀ। ਇਸ ਨਾਲ ਪੰਜਾਬ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਪੰਜਾਬ ਇਤਿਹਾਸਿਕ ਸੁਸਾਇਟੀ ਦਾ ਸੰਗਠਨ ਕਰਨ ਲਈ ਉਤਸ਼ਾਹ ਮਿਲਿਆ ਜਿਹੜੀ ਇਤਿਹਾਸ ਦੇ ਵਿਦਿਆਰਥੀਆਂ, ਖੋਜੀਆਂ ਲਈ ਅਤੇ ਇਕ ਖੋਜ ਪੱਤਰ ਛਾਪਣ ਲਈ ਮੰਚ ਵਜੋਂ ਭੂਮਿਕਾ ਨਿਭਾਉਂਦੀ ਰਹੀ। 100 ਰੁਪਏ ਦਾ ਪ੍ਰਤੀ ਮਾਸਿਕ ਵਜੀਫ਼ਾ ਅਲੈਗਜੈਂਡਰੀਆ ਰੀਸਰਚ ਸਕਾਲਰਸ਼ਿਪ ਦੇ ਨਾਂ ਹੇਠ ਸਥਾਪਿਤ ਕੀਤਾ ਗਿਆ। ਕਿਉਂਕਿ ਸੀਤਾ ਰਾਮ ਨੇ ਇਤਿਹਾਸਿਕ ਖੋਜ ਵਿਚ ਆਪਣੀ ਦਿਲਚਸਪੀ ਅਤੇ ਯੋਗਤਾ ਦਿਖਾਈ ਸੀ ਇਸ ਲਈ ਇਹ ਪਹਿਲਾ ਖੋਜਾਰਥੀ ਸੀ ਜਿਸ ਨੂੰ 1915 ਵਿਚ ਇਹ ਵਜ਼ੀਫ਼ਾ ਪ੍ਰਾਪਤ ਹੋਇਆ।

    ਸੀਤਾ ਰਾਮ ਨੇ ਲਾਹੌਰ ਵਿਖੇ ਅਨਾਰਕਲੀ ਦੇ ਮਕਬਰੇ ਵਿਚ ਲਾਲ ਕਪੜੇ ਵਿਚ ਲਪੇਟੇ ਹੋਏ ਭਾਰੀ ਮਾਤਰਾ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਦਸਤਾਵੇਜ਼ਾਂ ਦਾ ਬਾਰੀਕੀ ਨਾਲ ਅਧਿਐਨ ਕੀਤਾ।ਇਹ ਕੋਹਲੀ ਦੇ ਹਿੱਸੇ ਹੀ ਆਇਆ ਕਿ ਨਿਰਜਿੰਦ ਪਏ ਹੋਏ ਦਸਤਾਵੇਜ਼ਾਂ ਨੂੰ ਆਪਣੇ ਬੀਤੇ ਦੀ ਸ਼ਾਨ ਦਸਣ ਲਈ ਮੁੜ ਸੁਰਜੀਤ ਕਰ ਦਿੱਤਾ। ਇਹ ਇਤਿਹਾਸਿਕ ਪ੍ਰਮਾਣ ਸ਼ਿਕਸਤਾ ਸ਼ੈਲੀ ਵਿਚ ਤੇਜ਼ੀ ਨਾਲ ਲਿਖੀ ਹੋਈ ਫ਼ਾਰਸੀ ਵਿਚ ਸਨ 1811 ਤੋਂ 1849 ਤਕ ਦੇ ਲਾਹੌਰ ਦਰਬਾਰ ਦੇ ਸਮੇਂ ਨਾਲ ਸੰਬੰਧਿਤ ਇਹਨਾਂ ਤਿੰਨ ਲੱਖ ਤੋਂ ਵਧ ਵਰਕਿਆਂ ਨੂੰ ਘੋਖਣ ਅਤੇ ਇਹਨਾਂ ਦਸਤਾਵੇਜਾਂ ਦੇ ਕੈਟਾਲਾਗ ਤਿਆਰ ਕਰਨ ਲਈ ਸੀਤਾ ਰਾਮ ਕੋਹਲੀ ਨੇ ਕਮਾਲ ਦੀ ਮਿਹਨਤ ਅਤੇ ਸਬਰ ਵਿਖਾਇਆ ਅਤੇ ਹਰ ਮਹਿਕਮੇ ਦਾ ਨਾਂ, ਤਾਰੀਖ਼ ਅਤੇ ਉਸ ਵਿਚ ਮੌਜੂਦ ਮਸਾਲੇ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਸੂਚੀ ਪੱਤਰ ਨੂੰ ਬਾਅਦ ਵਿਚ ਪੰਜਾਬ ਸਰਕਾਰ ਨੇ ਦੋ ਭਾਗਾਂ ਵਿਚ ਕੈਟਾਲਾਗ ਆਫ਼ ਖ਼ਾਲਸਾ ਦਰਬਾਰ ਰੀਕਾਰਡਜ਼ ਦੇ ਨਾਂ ਹੇਠ ਛਾਪ ਦਿੱਤਾ।

    ਇਸ ਦੀ ਪ੍ਰਤਿਭਾ ਦੀ ਪ੍ਰਸੰਸਾ ਵਿਚ ਪੰਜਾਬ ਸਰਕਾਰ ਨੇ 1919 ਵਿਚ ‘ਪੰਜਾਬ ਐਜੂਕੇਸ਼ਨਲ ਸਰਵਿਸ਼ਜ਼` ਦੇ ਮਹਿਕਮੇ ਵਿਚ ਗੌਰਮਿੰਟ ਕਾਲਜ, ਲਾਹੌਰ ਵਿਚ ਇਤਿਹਾਸ ਦਾ ਲੈਕਚਰਾਰ ਨਿਯੁਕਤ ਕਰ ਦਿੱਤਾ। ਇਸ ਨੇ 14 ਸਾਲ ਇਸ ਕਾਲਜ ਵਿਚ ਨੌਕਰੀ ਕੀਤੀ। ਇਸ ਸਮੇਂ ਦੌਰਾਨ ਇਸ ਨੇ ਕੇਵਲ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਨੂੰ ਹੀ ਲੈਕਚਰ ਨਹੀਂ ਦਿੱਤੇ ਸਗੋਂ ਪੰਜਾਬ ਸਰਕਾਰ ਰੀਕਾਰਡਜ਼ ਆਫ਼ਿਸ ਨਾਲ ਵੀ ਆਪਣੇ ਸੰਬੰਧ ਬਣਾਈ ਰੱਖੇ ਜਿਸ ਦਾ ਇਸ ਕੋਲ ਡਿਪਟੀ ਕੀਪਰ ਆਫ਼ ਰੀਕਾਰਡਜ਼ ਦਾ ਵਾਧੂ ਚਾਰਜ ਵੀ ਸੀ। ਇਹ ਐਮ.ਏ. ਦੇ ਵਿਦਿਆਰਥੀਆਂ ਨੂੰ ਉਹਨਾਂ ਦਿਨਾਂ ਵਿਚ ਜਰੂਰੀ ਅਕਾਦਮਿਕ ਲੋੜ ਖੋਜ ਨਿਬੰਧ ਅਤੇ ਮੋਨੋਗਰਾਫ ਲਿਖਣ ਲਈ ਅਗਵਾਈ ਦੇਣ ਉਪਰੰਤ ਬਾਕੀ ਦਾ ਸਮਾਂ ਇਥੇ ਹੀ ਬਿਤਾਉਂਦਾ ਸੀ।

        1933 ਵਿਚ ਇਸ ਦੀ ਬਦਲੀ ਲੁਧਿਆਣੇ ਕਰ ਦਿੱਤੀ ਗਈ ਜਿਥੇ ਇਹ ਪ੍ਰਿੰਸੀਪਲ ਹਾਰਵੇ ਅਧੀਨ ਵਾਈਸ ਪ੍ਰਿੰਸੀਪਲ ਸੀ। ਇਥੇ ਰਹਿੰਦੇ ਹੋਏ ਇਹ ਉਸ ਘਰ ਦੇ ਇਕ ਹਿੱਸੇ ਵਿਚ ਰਹਿੰਦਾ ਸੀ ਜਿਥੇ ਸੈਂਕੜੇ ਸਾਲ ਪਹਿਲਾਂ ਅਫ਼ਗਾਨਿਸਤਾਨ ਦਾ ਸਾਬਕਾ ਸ਼ਾਸਕ ਸ਼ਾਹ ਜਮਾਨ ਅਤੇ ਸ਼ਾਹ ਸ਼ੁਜਾ ਰਹਿੰਦੇ ਹੁੰਦੇ ਸਨ। 1940 ਵਿਚ ਪ੍ਰੋਫ਼ੈਸਰ ਕੋਹਲੀ ਨੂੰ ਹੁਸ਼ਿਆਰਪੁਰ ਗੌਰਮਿੰਟ ਕਾਲਜ ਦਾ ਪ੍ਰਿੰਸੀਪਲ ਨਿਯੁਕਤ ਕਰ ਦਿੱਤਾ ਗਿਆ। 1944 ਵਿਚ ਇਸ ਦੀ ਬਦਲੀ ਗੌਰਮਿੰਟ ਕਾਲਜ, ਰੋਹਤਕ ਕਰ ਦਿੱਤੀ ਗਈ ਜਿਹੜਾ ਉਸ ਸਮੇਂ ਮੌਜੂਦਾ ਹਰਿਆਣੇ ਵਿਚ ਇਕੋ ਇਕ ਸਰਕਾਰੀ ਕਾਲਜ ਸੀ। 1946 ਵਿਚ ਪੰਜਾਬ ਸਰਕਾਰ ਦੀ ਨੌਕਰੀ ਤੋਂ ਸੇਵਾ ਮੁਕਤੀ ਪਿੱਛੋਂ ਇਸ ਨੂੰ ਰਣਬੀਰ ਕਾਲਜ, ਸੰਗਰੂਰ ਦੇ ਪ੍ਰਿੰਸੀਪਲ ਦੀ ਨਿਯੁਕਤੀ ਦੀ ਪੇਸ਼ਕਸ਼ ਆਈ ਅਤੇ ਜੀਂਦ ਰਿਆਸਤ ਦੇ ਐਜੂਕੇਸ਼ਨ ਵਿਭਾਗ ਵਿਚ ਸੁਪਰਟੈਂਨਡੈਂਟ ਦਾ ਵਾਧੂ ਚਾਰਜ ਦਿੱਤਾ ਗਿਆ ਅਤੇ ਕੁਝ ਸਮਾਂ ਪਿੱਛੋਂ ਹੀ ਸਟੇਟ ਐਜੂਕੇਸ਼ਨ ਡਿਪਾਰਟਮੈਂਟ ਵਿਚ ਸੈਕਟਰੀ ਦੀ ਨਿਯੁਕਤੀ ਕਰ ਦਿੱਤੀ ਗਈ। 1948 ਵਿਚ ਪੈਪਸੂ ਦੇ ਬਣਨ ਨਾਲ ਐਜੂਕੇਸ਼ਨ ਸੈਕਟਰੀ ਦਾ ਅਹੁਦਾ ਇਸ ਕੋਲ ਨਾ ਰਿਹਾ ਪਰੰਤੂ ਇਹ ਸਤੰਬਰ 1951 ਤਕ ਪ੍ਰਿੰਸੀਪਲ ਦੀ ਪੋਸਟ ਤੇ ਬਣਿਆ ਰਿਹਾ ਅਤੇ ਆਖਰ ਸੇਵਾ ਮੁਕਤ ਹੋ ਕੇ ਰੋਹਤਕ ਵਿਖੇ ਆਪਣੇ ਨਵੇਂ ਘਰ ‘ਗੋਸ਼ਾ-ਇ-ਅਫਿਯਾਤ` ਵਿਚ ਰਹਿਣ ਲੱਗ ਪਿਆ। ਆਪਣੇ ਅਖੀਰਲੇ ਸਮੇਂ ਵਿਚ ਇਹ ਇਕ ਘਾਤਕ ਬਿਮਾਰੀ ਦਮੇ ਦਾ ਮਰੀਜ਼ ਬਣ ਗਿਆ ਜਿਹੜੀ ਜੁਲਾਈ 1962 ਵਿਚ ਇਸ ਨੂੰ ਆਪਣੇ ਨਾਲ ਹੀ ਲੈ ਗਈ।

    ਇਸ ਦੀਆਂ ਇਤਿਹਾਸਿਕ ਰਚਨਾਵਾਂ ਵਿਚੋਂ ਸਭ ਤੋਂ ਪਹਿਲੀ ਰਚਨਾ ਦੋ ਭਾਗਾਂ ਵਿਚ ਕੈਟਾਲਾਗ ਆਫ਼ ਖ਼ਾਲਸਾ ਦਰਬਾਰ ਰੀਕਾਰਡਜ਼ ਸਭ ਤੋਂ ਵੱਧ ਮਹੱਤਵਪੂਰਨ ਰਚਨਾ ਹੈ। ਇਸ ਦਾ ਪਹਿਲਾ ਭਾਗ 1919 ਵਿਚ ਛਪਿਆ ਸੀ। ਇਸ ਵਿਚ ਮਿਲਟਰੀ ਮਹਿਕਮੇ(ਦਫ਼ਤਰ-ਇ-ਫ਼ੌਜ) ਦੇ ਰਿਕਾਰਡ ਦੀ ਸੰਖੇਪ ਰੂਪ ਵਿਚ ਪੇਸ਼ਕਾਰੀ ਹੈ। ਇਹਨਾਂ ਦਸਤਾਵੇਜ਼ਾਂ ਤੇ ਆਧਾਰਿਤ ਇਸ ਨੇ ਰਣਜੀਤ ਸਿੰਘ ਦੀ ਫ਼ੌਜ ਬਾਰੇ ਕਈ ਲੇਖ ਲਿਖੇ ਜਿਨ੍ਹਾਂ ਵਿਚ ਇਸ ਦੇ ਨਿਕਾਸ , ਵਿਕਾਸ ਅਤੇ ਸੰਗਠਨ ਬਾਰੇ ਲਿਖਿਆ ਜੋ ਜਰਨਲ ਆਫ਼ ਇੰਡੀਅਨ ਹਿਸਟਰੀ ਮਦਰਾਸ ਵਿਚ ਛਪੇ ਸਨ।

    ਇਸੇ ਰਚਨਾ ਦਾ ਦੂਜਾ ਭਾਗ 1927 ਵਿਚ ਛਪਿਆ। ਇਹ ਮੁਖ ਤੌਰ ਤੇ ਮਾਲੀਏ ਰੀਕਾਰਡ ਨਾਲ ਸੰਬੰਧਿਤ ਹੈ। ਦੀਵਾਨ ਅਮਰ ਨਾਥ ਦੇ ਜਫ਼ਰਨਾਮਾ-ਇ ਰਣਜੀਤ ਸਿੰਘ ਦੇ ਖਰੜੇ ਨੂੰ ਇਸ ਨੇ ਸੰਪਾਦਿਤ ਕੀਤਾ ਅਤੇ 1928 ਵਿਚ ਇਸ ਨੂੰ ਛਪਾਇਆ। 1932 ਵਿਚ ਇਸ ਨੇ ਇਕ ਲੰਮਾ ਨਿਬੰਧ ਛਪਵਾਇਆ ਜਿਸ ਦਾ ਸਿਰਲੇਖ ਸੀ ਟਰਾਇਲ ਆਫ਼ ਦੀਵਾਨ ਮੂਲ ਰਾਜ। ਇਹ ਮੁਲਤਾਨ ਸੂਬੇ ਦਾ ਸਿੱਖ ਰਾਜ ਵਲੋਂ ਗਵਰਨਰ ਸੀ ਜਿਸ ਨੂੰ ਬ੍ਰਿਟਿਸ਼ ਸਰਕਾਰ ਉਸਦੇ ਸਿਪਾਹੀਆਂ ਦੁਆਰਾ ਗੱਦਾਰੀ ਕੀਤੇ ਜਾਣ ਲਈ ਜਿੰਮੇਵਾਰ ਸਮਝਦੀ ਸੀ ਅਤੇ ਇਹ ਵੀ ਮੰਨਦੀ ਸੀ ਕਿ ਇਸੇ ਕਾਰਨ 1848-49 ਵਿਚ ਦੂਸਰੀ ਸਿੱਖ ਜੰਗ ਸ਼ੁਰੂ ਹੋਈ ਸੀ। 1933 ਵਿਚ ਪ੍ਰੋਫ਼ੈਸਰ ਕੋਹਲੀ ਨੇ ‘ਹਿੰਦੁਸਤਾਨੀ ਅਕੈਡਮੀ ਇਲਾਹਾਬਾਦ` ਲਈ ਰਣਜੀਤ ਸਿੰਘ ਬਾਰੇ ਉਰਦੂ ਵਿਚ ਇਕ ਛੋਟੀ ਜਿਹੀ ਪੁਸਤਕ ਲਿਖੀ। ਇਸ ਵਿਚਲਾ ਮਸਾਲਾ ਅਸਲ ਦਸਤਾਵੇਜ਼ਾਂ, ਵਿਸ਼ੇਸ਼ ਤੌਰ ਤੇ ਸੋਹਨ ਲਾਲ ਦੀ ਡਾਇਰੀ ਜਿਸ ਨੂੰ ਉਮਦਾਤ ਉਤ-ਤਵਾਰੀਖ਼ ਕਹਿੰਦੇ ਹਨ ਤੋਂ ਲਿਆ ਗਿਆ ਸੀ। ਰਣਜੀਤ ਸਿੰਘ ਦੇ ਸਮੇਂ ਦਾ ਇਕ ਹੋਰ ਮੂਲ ਸ੍ਰੋਤ ਸੀ ਗੁਰੂ ਖ਼ਾਲਸਾ ਜੀ ਕਾ ਫਤਿਹ ਨਾਮਹ ਜਿਸ ਨੂੰ ਗਨੇਸ਼ ਦਾਸ ਨੇ ਹਿੰਦੀ ਵਿਚ ਲਿਖਿਆ ਅਤੇ ਛਾਪਿਆ। 1956 ਵਿਚ ਇਸ ਨੇ ਪਹਿਲੀ ‘ਐਂਗਲੋ ਸਿੱਖ ਜੰਗ` ਬਾਰੇ ਸ਼ਾਹ ਮੁਹੰਮਦ ਦਾ ਕਿੱਸਾ ਪੰਜਾਬੀ ਵਿਚ ਛਾਪਿਆ। ਇਸ ਨੇ ‘ਦੀ ਲਾਸਟ ਫੇਜ਼` 1839-1849 ਨਾਮਕ ਇਕ ਪੁਸਤਕ ਤਿਆਰ ਕੀਤੀ ਜਿਸਨੂੰ ਲੇਖਕ ਦੇ ਚਲਾਣੇ ਉਪਰੰਤ ਖੁਸ਼ਵੰਤ ਸਿੰਘ ਦੇ ਨਵੇਂ ਸਿਰਲੇਖ ਸਨਸੈਟ ਆਫ਼ ਦਾ ਸਿੱਖ ਇਮਪਾਇਰ ਹੇਠ ਸੰਪਾਦਿਤ ਕਰਕੇ ਛਪਵਾਇਆ ਸੀ।

    ਪ੍ਰੋਫ਼ੈਸਰ ਕੋਹਲੀ ਦਾ ਇਤਿਹਾਸਿਕ ਖੋਜ ਦਾ ਮੁੱਖ ਖੇਤਰ 1799 ਤੋਂ 1849 ਤਕ ਦਾ ਸਿੱਖ ਰਾਜ ਦਾ ਇਤਿਹਾਸ ਸੀ। ਇਹਨਾਂ ਦੀਆਂ ਸਾਰੀਆਂ ਰਚਨਾਵਾਂ ਵਿਚ ਪ੍ਰੌੜ ਨਿਰਣਾ ਅਤੇ ਸੰਤੁਲਨ ਸਪਸ਼ਟ ਝਲਕਦਾ ਹੈ। ਇਸ ਦੀ ਲਿਖਣ ਸ਼ੈਲੀ ਸਧਾਰਨ ਅਤੇ ਸ਼ਕਤੀਸ਼ਾਲੀ ਹੈ। ਇਹ ਬਹੁਤ ਹੀ ਵਿਸ਼ਲੇਸ਼ਣੀ ਦਿਮਾਗ ਦਾ ਮਾਲਕ ਸੀ। ਪੰਜਾਬ ਵਿਚ ਇਤਿਹਾਸਿਕ ਖੋਜ ਦੇ ਖੇਤਰ ਵਿਚ ਮੋਢੀ ਸੀ। ਪ੍ਰੋਫ਼ੈਸਰ ਕੋਹਲੀ ਨੇ ਕਈ ਇਤਿਹਾਸਿਕ ਸੰਗਠਨਾਂ ਵਿਚ ਜਿਵੇਂ ਕਿ ਇੰਡੀਅਨ ਹਿਸਟਾਰੀਕਲ ਰੀਕਾਰਡਜ਼ ਕਮਿਸ਼ਨ , ਇੰਡੀਅਨ ਹਿਸਟਰੀ ਕਾਂਗਰਸ ਅਤੇ ਪੰਜਾਬ ਹਿਸਟਰੀ ਕਾਨਫਰੰਸ ਆਦਿ ਵਿਚ ਕੰਮ ਕੀਤਾ। ਪੰਜਾਬੀ ਯੂਨੀਵਰਸਿਟੀ ,ਪਟਿਆਲਾ ਨੇ ਇਸ ਦੇ ਮਾਣ ਵਿਚ ਇਕ ਸਾਲਾਨਾ ਭਾਸ਼ਣ ਲੜੀ ਅਰੰਭ ਕੀਤੀ ਹੈ।

    ਪ੍ਰੋਫ਼ੈਸਰ ਸੀਤਾ ਰਾਮ ਕੋਹਲੀ ਦਿੱਖ ਵਜੋਂ ਇਕ ਸੁੰਦਰ ਅਤੇ ਪ੍ਰਭਾਵਸ਼ਾਲੀ ਵਿਅਕਤੀ ਸੀ। ਇਸ ਦਾ ਵਿਆਹ ਗੌਰਮਿੰਟ ਕਾਲਜ, ਲਾਹੌਰ ਦੇ ਕੈਮਿਸਟਰੀ ਦੇ ਪ੍ਰੋਫੈਸਰ ਰੁਚੀ ਰਾਮ ਸਾਹਨੀ ਦੀ ਪੁੱਤਰੀ ਨਾਲ ਹੋਇਆ ਸੀ। ਇਹ ਬਹੁਤ ਸ਼ਾਨ ਨਾਲ ਜੀਵਿਆ ਅਤੇ ਚੰਗੀ ਖ਼ੁਰਾਕ ਅਤੇ ਚੰਗੀ ਸੋਹਬਤ ਦਾ ਸ਼ੌਕੀਨ ਸੀ। ਇਸ ਨੇ ‘ਕਲਬ` ਜਾਣੋਂ ਕਦੇ ਵੀ ਨਾਗਾ ਨਹੀਂ ਪਾਇਆ ਅਤੇ ਆਪ ਇਕ ਬਹੁਤ ਹੀ ਚੰਗਾ ਮੇਜ਼ਬਾਨ ਸੀ। ਇਹ ਆਪਣੀ ਕਾਰ ਆਪ ਚਲਾਉਂਦਾ ਸੀ ਅਤੇ ਖਾਣੇ ਦੀ ਮੇਜ਼ ਤੇ ਸ਼ਾਹ ਖਰਚ ਸੀ। ਗਰਮੀਆਂ ਵਿਚ ਇਹ ਗੁਲਮਰਗ ਵਰਗੇ ਪਹਾੜੀ ਸ਼ਹਿਰ ਵਿਚ ਰਹਿੰਦਾ ਸੀ। ਇਹ ਆਪਣੇ ਵਿਦਿਆਰਥੀਆਂ ਨੂੰ ਹੋਰ ਜ਼ਿਆਦਾ ਪੜ੍ਹਨ ਅਤੇ ਸਹੀ ਪਰ ਸੰਖੇਪ ਲਿਖਣ ਲਈ ਉਤਸ਼ਾਹਿਤ ਕਰਦਾ ਸੀ।


ਲੇਖਕ : ਸ.ਸ.ਭ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.